Tuesday 14 October 2014


                                        ਕਲਸੀਆ ਰਿਆਸਤ ਦਾ ਇਹ ਖੰਡਹਰ ਕਿਲਾ 
ਕਲਸੀਆ ਰਿਆਸਤ ਦਾ ਇਹ ਖੰਡਹਰ ਕਿਲਾ ਜੇਹੜਾ ਕਿਸੇ ਵੇਲੇ ਬਾਬਾ ਗੁਰਬਖਸ ਸਿੰਘ ਸੀ ਬਣਾਈ ਕਰੋੜ ਸਿੰਘੀਆ ਮਿਸਲ ਦੇ ਅਧੀਨ ਰਿਹਾ। ਇਹ ਰਿਆਸਤ ਜਗਾਧਰੀ ਦੇ ਲਾਗੇ ਛਿਛਰੋਲੀ ਇਲਾਕੇ 'ਚ ਪਨਪੀ। ਬਾਬਾ ਗੁਰਬਖਸ ਪਹਿਲੇ-ਪਹਿਲ ਇਕ ਦਬੰਗ ਸਿੰਘਾ ਦਾ ਜੱਥਾ ਬਣਾ ਕੇ ਰਖਦਾ ਸੀ ਤੇ ਬਦਮਾਸ਼ੀ ਨਾਲ ਜ਼ਮੀਨਾਂ-ਜਾਇਦਾਦਾਂ ਝਗੜੇ ਨਿਪਟਾ ਦਿੰਦਾ ਸੀ। ਹੌਲੀ ਹੌਲੀ ਉਸਨੇ ਆਪਣੀ ਤਾਕਤ ਏਨੀ ਕੁ ਵਧਾ ਕਿ ਆਪਣੀ ਇਕ ਮਿਸਲ ਕਾਇਮ ਕਰ ਲਈ। ਬਾਬਾ ਜੀ ਆਪ ਕਸੂਰ ਲਾਗੇ ਦੇ ਪਿੰਡ ਕਲਸੀਆ ਦੇ ਸੰਧੂ ਪਰਿਵਾਰ ਨਾਲ ਤਾਲੁੱਕ ਰਖਦੇ ਸੀ ਏਸ ਲਈ ਓਹਨਾਂ ਨੇ ਛਿਛਰੋਲੀ ਦੀ ਰਿਆਸਤ ਦਾ ਨਾਮ ਕਲਸੀਆ ਰਖਿਆ। ਏਸ ਰਿਯਾਸਤ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਾਫੀ ਮਿਠ੍ਹੇ ਤਾਲੁਕਾਤ ਰਖੇ । ਰਣਜੀਤ ਸਿੰਘ ਤੋਂ ਇਲਾਵਾ ਏਹੋ ਰਿਆਸਤ ਸੀ ਜਿਹੜੀ ਪਹਿਲੇ ਪਹਿਲ ਅੰਗਰੇਜਾਂ ਦੀ ਈਨ ਨਹੀ ਸੀ ਮੰਨਦੀ ਸੀ। ਭਾਵੇ ਬਾਅਦ ਦੇ ਰਾਜੇ ਅੰਗ੍ਰੇਜ਼ਾਂ ਦੇ ਪਿਠ੍ਹੁ ਬਣੇ ਰਹੇ। ਅੱਜਕਲ ਏਸ ਰਿਆਸਤ ਦੇ ਵਾਰਿਸ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ। 'ਤੇ ਇਹਨਾਂ ਥਾਵਾਂ ਦਾ ਹੁਣ ਕੋਈ ਸਾਂਭ ਸੰਭਾਲ ਕਰਨ ਵਾਲਾ ਵੀ ਕੋਈ ਨਹੀ। ਲੇਕਿਨ ਖੰਡਹਰ ਹੋਇਆ ਇਹ ਕਿਲਾ ਅੱਜ ਬੀਤੇ ਦਾ ਬਾਤ ਪਾਉਂਦਾ ਹੈ... ਦੀਵਾਰਾਂ ਤੇ ਪਾਈਆਂ ਵੇਲ-ਬੁੱਟੀਆਂ ਗੁਜ਼ਰੇ ਦਾ ਅਫ੍ਸਾਨਾਂ ਜ਼ਰੁਰ ਆਖਦੀਆਂ ਨੇ ..ਜੇ ਕੋਈ ਸਮਝੇ ਤੇ ਜਾਣੇ ..
(fort of kalsia)

( ਕੰਧਾ ਤੇ ਬਚੀ ਖੁਚੀ ਚਿਤ੍ਰਕਾਰੀ ਜੋ ਕਿਸੇ ਵੇਲੇ ਚਿਤਰਕਲਾ ਤੇ ਉੱਤਮ ਨਮੂਨੇ ਹੋਣਗੇ )


( Fort Of Kalsia/ Chhichhroli)
ਕਲਸੀਆ ਦਾ ਕਿਲਾ ਜੋ ਹੁਣ ਢਹਿ ਗਿਆ 
ਬੂਹੇ ਬੁਲਾਉਂਦੇ ਨੇ ਘਰੋਂ ਤੁਰ ਗਿਆਂ ਨੂੰ ..
ਹਾਕਾਂ ਮਾਰਦੇ ਨੇ ਜੋ ਹਾਲੇ ਤੱਕ ਨਹੀਂ ਮੁੜੇ
ਬੂਹੇ ਹੁੰਦੇ ਨੇ ਇੱਕ ਦਿਨ ਘਰਾਂ ਨੂੰ ਪਰਤਣ ਲਈ ...

ਪਰ ਏਸ ਦਹਲੀਜ਼ ਨੇ ਨਾ ਜਾਣ ਵਾਲੇ ਨੂੰ ਵਰਜਿਆ ਨਾ ਏਸ ਘਰੇ ਕੋਈ ਪਰਤਿਆ .. ਇਹ ਘਰ ਹੈ ਫਕ਼ੀਰ ਮੁਹਮੱਦ ਅਤੇ ਉਸਦੇ ਪਰਿਵਾਰ ਦਾ ਜੇਹੜਾ 1947 ਦੀ ਤਕਸੀਮ ਵੇਲੇ ਪਾਕਿਸਤਾਨ ਨੂੰ ਚਲਾ ਗਿਆ ਸੀ ਤੇ ਫੇਰ ਕਦੀ ਨਹੀ ਪਰਤਿਆ। ...ਸਢੌਰੇ ਸ਼ਹਿਰ ਦੇ ਪੁਰਾਣੇ ਬਾਜ਼ਾਰ ਚ ਜਾਂਦਿਆਂ ਇਕ ਮੋੜ 'ਤੇ ਇਹ ਇਕ ਮੁਹਰਲੀ ਕੰਧ ਵਿਚਲਾ ਦਰਵਾਜ਼ਾ ਜੇਹਾ ਨਜਰੀਂ ਪੈਂਦਾ ਹੈ। ਇੱਕ ਮਕਾਨ ਜਿਹੜਾ ਅੰਦਰੋਂ ਤਾ ਢਹਿ ਗਿਆ ਪਰ ਬਾਹਰੋਂ ਰਹਿ ਗਿਆ। ਜਿਸ 'ਤੇ ਹੁਣ ਕਬਜ਼ਾ ਹੈ ਇੱਕ ਮਲੂਕ ਜੇਹੀ ਵੇਲ ਦਾ। ਸ਼ੋਖ ਰੰਗ ਦੀ ਇਹ ਵੇਲ ਹੀ ਹੁਣ ਸਿਰਨਾਵਾਂ ਹੈ ਇਸ ਘਰ ਦਾ। ਚੌਗਾਠ ਉੱਤੇ ਅਤਿ ਦਰਜ਼ੇ ਦੀ ਨਫੀਸ਼ ਨਾਕਾਸ਼ੀ ਕੀਤੀ ਹੋਈ ਮਿਲਦੀ ਹੈ ਜਿਸ ਤੋਂ ਸੂਹ ਮਿਲਦੀ ਹੈ ਕਿ ਏਸ ਨੂੰ ਬਣਾਉਣ ਵਾਲਿਆਂ ਨੇ ਚਾਵਾਂ ਤੇ ਮਲਾਰਾਂ ਨਾਲ ਬਣਾਇਆ ਹੋਣਾ ਇਹ ਘਰ। 47 ਤੋਂ ਬਾਅਦ ਹੁਣ ਤੱਕ ਇਹ ਮਕਾਨ ਖ਼ਾਲੀ ਹੀ ਰਿਹਾ। ਉਡੀਕ ਤੇ ਉਮੀਦ ਦੀ ਵੇਲ ਫਿਰ ਹਰੀ ਨਾ ਹੋਈ।
ਭਾਵੇਂ ਸਰਸਰੀ ਨਜ਼ਰ ਨਾਲ ਫੋਟੋ ਦੇਖਦਿਆਂ ਲਗਦਾ ਹੈ ਕਿ
"ਏਸ ਘਰ ਦੀ ਵੇਲ ਅੱਜ ਤੱਕ ਹਰੀ ਹੈ"
ਚੰਡੀਗੜ੍ਹ ਦੇ 34 ਸੈਕਟਰ 'ਚ ਇਕ ਮੇਲਾ ਲਗਿਆ ਹੋਇਆ। ਉਂਝ ਤਾਂ ਓਹ ਆਮ ਮੇਲਿਆਂ ਵਰਗਾ ਹੀ ਹੈ ਪਰ ਉਸ ਮੇਲੇ ਦੀ ਇਕ ਖ਼ਾਸੀਅਤ ਹੈ। 
ਓਥੇ ਇਕ ਦੁਕਾਨ ਉੱਤੇ ਕਿਤਾਬਾਂ ਦੀ ਸੇਲ ਲੱਗੀ ਹੋਈ ਹੈ। ਓਥੇ ਕਿਤਾਬਾਂ ਰੇਟ ਤੇ ਨਹੀ ਬਲਕਿ ਭਾਰ ਤੋਲ ਕੇ ਮਿਲ ਰਹੀਆਂ ਨੇ । 
ਅੰਗ੍ਰੇਜ਼ੀ ਨਾਵਲ @100/- ਰੁਪਏ ਕਿਲੋ 'ਤੇ 
non fiction @200/- ਰੁਪਏ ਕਿਲੋ। ....
ਓਥੇ ਬਹੁਤੀਆਂ ਕਿਤਾਬਾਂ ਖ਼ਰੀਦਣ ਵਾਲੇ ਭਾਰ ਨੂੰ ਜੋਖ਼ ਕੇ ਕਿਤਾਬ ਦੀ ਕ਼ੀਮਤ ਤੈਅ ਕਰ ਰਹੇ ਸਨ। 
ਖਪਤ ਸਭਿਆਚਾਰ ਨੇ ਹੁਣ ਗਿਆਨ ਵੀ ਥੋਕ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰਤਾ। ਮਧਵਰਗੀ ਮਨ ਹੁਣ ਕਿਤਾਬ ਨੂੰ ਭਾਰ ਦੇ ਹਿਸਾਬ ਨਾਲ ਤੋਲ ਕੇ ਲਿਆ ਕਰੇਗਾ ਨਾ ਕਿ ਕਿਹੜੀ ਕਿਤਾਬ ਪੜਨਯੋਗ ਹੈ। ਹੌਲੀ ਜਾਂ ਭਾਰੀ?।
ਪਬਲਿਸ਼ਰਜ਼ ਪਹਿਲਾਂ ਜਿਥੇ ਲੇਖਕ ਤੋਂ ਇਹ ਪੁਛਦੇ ਸੀ ਕਿ "ਜੀ ਕੀਮਤ ਕਿੰਨੀ ਰਖੀਏ ਜਾਂ ਪੇਜ ਕਿੰਨੇ ਰਖੀਏ ?"
ਹੁਣ ਪੁਛਿਆ ਕਰਨਗੇ "ਜੀ ਕਿਤਾਬ ਦਾ ਭਾਰ ਕਿੰਨਾ ਰਖੀਏ ?...ਜਿਲਦ ਥੋੜੀ ਜੇਹੀ ਮੋਟੀ ਕਰ ਲਈਏ ? ਵਜ਼ਨ 'ਚ ਇਜ਼ਾਫ਼ਾ ਹੋਜੂਗਾ !"
ਚੀਜ਼ਾਂ ਦੇ ਬਾਜ਼ਾਰ 'ਚ ਕਿਤਾਬ ਦੀ ਕੀਮਤ ਹੀ ਨਹੀਂ ਬਦਲ ਰਹੀ, ਕਿਤਾਬ ਦੀ ਸਾਰਥਕਤਾ ਵੀ ਬਦਲ ਰਹੀ ਹੈ।
ਸਾਡੀ ਗੰਭੀਰਤਾ ਦਾ ਅੰਦਾਜ਼ਾ ਹੁਣ ਇਥੋ ਹੀ ਲਾਇਆ ਜਾ ਸਕਦਾ ...