ਸੂਫ਼ੀ ਕਲਾਮ
ਸੂਫ਼ੀ ਕਲਾਮ ਪੰਜਾਬੀ ਸਾਹਿਤ ਪਰੰਪਰਾ ਦੀ ਇੱਕ ਵੱਡਮੁੱਲੀ ਪ੍ਰਾਪਤੀ ਹੈ| ਪੰਜਾਬੀ ਸੂਫ਼ੀਆਂ ਦੀ ਇਹ ਪਰੰਪਰਾ ਮੋਟੇ ਤੌਰ ਉੱਤੇ ਬਾਬਾ ਫਰੀਦ ਦੀ ਬਾਣੀ ਤੋਂ ਲੈ ਕੇ ਗੁਲਾਮ ਫ਼ਰੀਦ ਦੇ ਕਲਾਮ ਤੀਕਰ ਜਾਂਦੀ ਹੈ| ਬਾਬਾ ਫਰੀਦ ਦੀ ਬਾਣੀ ਵਿਚਲੇ ਬੰਦਗੀ, ਨਮਾਜ਼ਾਂ, ਇਲਮਾਂ, ਦੁੱਖਾਂ-ਸੁੱਖਾਂ ਤੇ ਡਰ-ਭਉ ਦੇ ਵੇਰਵੇ ਜਿੱਥੇ ਬਹੁਤਾਤ 'ਚ ਮਿਲਦੇ ਹਨ ਉੱਥੇ ਇਹੋ ਸਰੋਕਾਰ ਸ਼ਾਹ-ਹੁਸ਼ੈਨ ਦੀ ਬਾਣੀ ਵਿਚ ਬਿਰਹਾ, ਵਸਲ, ਤੜਪ ਦੇ ਰੁਦਨਾਂ ਨਾਲ ਆ ਜੜਦੇ ਹਨ| ਬੁਲ੍ਹੇਸ਼ਾਹ ਤੱਕ ਆਉਂਦੀ-ਆਉਂਦੀ ਇਹ ਸੂਫ਼ੀ ਰੀਤ ਇਸ਼ਕ ਦੀ ਮਸਤੀ, ਮਲੰਗੀ, ਨਿਸ਼ੰਗਤਾਂ ਤੇ ਨੱਚਣ-ਗਾਉਣ ਦੀ ਸ਼ਿਖਰ ਉੱਤੇ ਪੁੱਜ ਜਾਂਦੀ ਹੈ| ਗੁਲਾਮ ਫਰੀਦ ਤੱਕ ਆਉਂਦੀ-ਆਉਂਦੀ ਇਹ ਰਵਾਇਤ ਬਰਕਤ, ਮੁਹੱਬਤ, ਰਹਿਮਤ ਖਿਦਮਤ ਦੇ ਸੰਕਲਪਾਂ ਨਾਲ ਜੁੜਦੀ ਹੋਈ ਮਨੁੱਖੀ ਜੀਵਨ ਹਕੀਕਤਾਂ ਦੇ ਡੂੰਘੇ ਅਸਤਿਤਵੀ ਸਰੋਕਾਰ ਨਾਲ ਦੋ-ਚਾਰ ਹੁੰਦੀ ਹੋਈ ਮੁਕੰਮਲ ਹੁੰਦੀ ਹੈ|ਰੂਹਾਨੀ ਸੁੱਚਤਾ ਤੇ ਸੱਚ ਦੀ ਤਲਾਸ ਹੀ ਖ਼ੁਦਾ ਤੱਕ ਪੁੱਜਣ ਦੀ ਮੰਜਿਲ ਹੈ| ਸੱਚੇ ਸੂਫ਼ੀ ਦਾ ਸਫ਼ਰ ਇਸ਼ਕ, ਮੁਹੱਬਤ ਤੇ ਬੰਦਗੀ ਦੇ ਪੜਾਵਾਂ ਚੋਂ ਹੋ ਕੇ ਲੰਘਦਾ ਹੈ| ਮੁਹੱਬਤ ਮਨੁੱਖੀ ਰਿਸ਼ਤਿਆਂ ਅੰਦਰ ਨਿਘ ਭਰ ਦਿੰਦੀ ਹੈ ਜਿਸ ਨਾਲ ਸਾਡੇ ਵਿਚਾਰ ਤੇ ਵਿਵਹਾਰ ਸੁੰਦਰ ਤੇ ਸਹਿਜ ਹੋ ਜਾਂਦੇ ਨੇ| ਸੁਚਜਾ ਸਲੂਕ ਤੇ ਖਲੂਸ ਇਕ ਖੂਬਸੂਰਤ ਜੀਵਨ ਸਿਰਜਦਾ ਹੈ| ਇਸੇ ਲਈ ਸੂਫ਼ੀ ਕਿਸੇ ਗਹਿਰ-ਗੰਭੀਰ ਤੇ ਡੂੰਘੇ ਜੀਵਨ ਫਲਸਫਿਆਂ ਦੇ ਘਚੌਲੇ ਵਿਚ ਪੈਣ ਦੀ ਬਜਾਏ ਜੀਵਨ ਦੀ ਸਾਧਾਰਨਤਾ ਤੇ ਸਹਿਜਤਾ ਵਿਚੋਂ ਹੀ ਅਪਣਾ ਮਾਰਗ ਤਲਾਸ਼ਦੇ ਹਨ| ਸੂਫ਼ੀ ਹੋਣਾ ਇੱਕ ਗਿਆਨੀ ਜਾਂ ਇਲਮ-ਜਾਫ਼ਤਾ ਹੋਣਾ ਨਹੀਂ ਬਲਕਿ ਇਲਮ ਦੀਆਂ ਘੁੰਮਣਘੇਰੀਆਂ ਤੋਂ ਨਿਜ਼ਾਤ ਪਾਉਣਾ ਹੈ| ਇਸੇ ਲਈ ਸੂਫ਼ੀਆਂ ਲਈ ਸੱਚ ਦੀ ਹੋਂਦ ਰਵਾਇਤਾਂ, ਰੀਤਾਂ, ਮੁੱਲਾਂ, ਪਖੰਡਾਂ ਤੋਂ ਬਾਹਰ ਹੋਕੇ ਜ਼ਿੰਦਗੀ ਨੁੰ ਸੁਖਾਲਾ ਬਣਾਉਣ ਵਿਚ ਹੈ| ਸੂਫ਼ੀਆਂ ਦੀ ਮੁੱਖ ਕੋਸ਼ਿਸ਼ ਅਣਚਾਹੇ, ਵਾਧੂ ਤੇ ਬੇਲੋੜੇ ਖਲ਼ਜਗਣਾ ਤੋਂ ਕਿਨਾਰਾ ਕਰਨ ਦੀ ਰਹਿੰਦੀ ਹੈ| ਇੱਕ ਸਹਿਜ-ਸੁਖਾਲੀ, ਸਾਧਾਰਨ ਤੇ ਸਿੱਧ ਪੱਧਰੀ ਜ਼ਿੰਦਗੀ ਵਿਚ ਖ਼ੁਦਾ ਦੀ ਬੰਦਗੀ ਸੂਫ਼ੀਆਂ ਦਾ ਵੱਡਾ ਤੇ ਖ਼ਾਸ ਮਕਸਦ ਬਣਦੀ ਹੈ| ਇਸ ਲਈ ਬਹੁਤੇ ਸੂਫ਼ੀ ਫਕੀਰ ਬੁੱਤ-ਪੂੱਜਾ ਵਿਚ ਯਕੀਨ ਨਹੀਂ ਰੱਖਦੇ ਅਤੇ ਨਾ ਹੀ ਖ਼ੁਦਾਪ੍ਰਸਤੀ ਵਿੱਚ ਲਬਰੇਜ਼ ਹੁੰਦੇ ਨੇ| ਸੂਫ਼ੀਆਂ ਦਾ ਮਾਰਗ ਸਿੱਧੇ-ਸਾਦੇ ਯਕੀਨ ਨੁੰ ਮੰਜਿਲ ਬਣਾਉਣਾ ਹੀ ਰਹਿੰਦਾ ਹੈ| ਇਹੀ ਕਾਰਣ ਹੈ ਕਿ ਸੂਫ਼ੀ ਕਿਸੇ ਵੀ ਬਣੇ-ਬਣਾਏ ਗਿਆਨ ਨੂੰ ਚੌਖਟੇ ਅਤੇ ਸਥਿਰ ਅਕੀਦਿਆਂ, ਸਲੀਕਿਆਂ ਨੂੰ ਅਪਣਾਉਣ ਤੋਂ ਗੁਰੇਜ਼ ਕਰਦੇ ਨੇ| ਉਹਨਾਂ ਦਾ ਇਹ ਵੀ ਮੰਨਣਾ ਸੀ ਕਿ ਸਿਰ ਉੱਤੇ ਚੁੱਕੀਆਂ ਗਿਆਨ ਦੀਆਂ ਪੰਡਾਂ ਅਤੇ ਇਲਮਾਂ ਦੇ ਭਾਰ ਸਾਡੀਆਂ ਰੂਹਾਂ ਨੁੰ ਦੱਬ ਦਿੰਦੇ ਹਨ ਜਿਸ ਕਾਰਨ ਸੱਚ, ਅਸਲ ਅਤੇ ਹਕੀਕਤ ਸਾਡੀ ਨਜ਼ਰ ਕੋਲੋ ਪਛਾਣ ਹੀ ਨਹੀਂ ਹੁੰਦੇ| ਸੱਚ, ਅਸਲ ਤੇ ਹਕੀਕਤ ਦੇ ਦੀਦਾਰ ਕਰਣ ਲਈ ਰੂਹਾਂ ਦੇ ਪਾਣੀ ਨਿੱਤਰੇ ਹੋਏ ਹੋਣੇ ਬੇਹਦ ਲਾਜ਼ਮੀ ਹੁੰਦੇ ਨੇ| ਰੂਹਾਂ ਨਿੱਤਰ ਦੀਆਂ ਤਾਂ ਹੀ ਜੇ ਸਾਡੇ ਅਮਲ-ਸ਼ੁਭ ਹੋਣਗੇ| ਨਿਰਪੱਖ ਸੋਚ, ਨਿਰਲੇਪ ਖ਼ਿਆਲ ਕਿਸੇ ਵੀ ਕਿਸਮ ਦੀ ਜਕੜਣ ਅਤੇ ਮਜ਼ਬੂਰੀ 'ਚ ਨਹੀਂ ਆਉਂਦੇ| ਅਜਿਹੀ ਸਥਿਤੀ ਵਿਚ ਵੀ ਬੇਫ਼ਿਕਰੀ, ਮਸਤੀ, ਮਲੰਗੀ ਤੇ ਰੂਹਦਾਰੀ ਦੇ ਗੁਣ ਪੈਦਾ ਹੁੰਦੇ ਨੇ ਤਾਕਿ ਇਕ ਸੂਫ਼ੀ ਖ਼ੁਦੀਪ੍ਰਸਤ ਤੇ ਖ਼ੁਦਪ੍ਰਸਤ ਹੋਣ ਤੋਂ ਬਚਿਆ ਰਹੇ| ਬੁਲ੍ਹੇਸ਼ਾਹ ਵਰਗੇ ਫੱਕਰ-ਮਲੰਗ ਸੂਫ਼ੀ ਤਾਂ ਅਜਿਹੀ ਸਥਿਤੀ ਵਿਚ ਖ਼ੁਦਾ ਪ੍ਰਸ਼ਤ ਹੋਣ ਤੋਂ ਵੀ ਇੰਨਕਾਰ ਕਰ ਦਿੰਦੇ ਨੇ| ਬੁਲ੍ਹੇ ਸ਼ਾਹ ਦਾ ਆਖਣਾ ਸੀ ਜਿਸ ਦਿਲ ਵਿਚ ਇਸ਼ਕ ਡੇਰਾ ਲਗਾ ਲਵੇ ਉਥੇ ਨਾ ਖ਼ੁਦ, ਨਾ ਖ਼ੁਦੀ ਅਤੇ ਨਾ ਖ਼ੁਦਾ ਦਿਸਦਾ ਹੈ| ਬਸ ਉੱਥੇ ਕੁੱਝ ਨਹੀਂ ਹੁੰਦਾ, ਕੁੱਝ ਨਾ ਹੋਣਾ ਹੀ 'ਹੋਣ' ਦਾ ਸੱਚ ਹੁੰਦਾ ਹੈ|
ਸੂਫ਼ੀਆਂ ਲਈ ਇਸ਼ਕ ਹੀ ਦੀਨ ਹੈ ਤੇ ਇਸ਼ਕ ਹੀ ਇਮਾਨ ਹੈ| ਸਾਰੇ ਇਖ਼ਲਾਕ ਇਸ਼ਕ ਦੀ ਜ਼ਬਾਨ ਵਿਚ ਢਲ੍ਹਣੇ ਲਾਜ਼ਿਮੀ ਹੁੰਦੇ ਹਨ| ਖ਼ੁੱਦਾ ਨਾਲ ਰਿਸ਼ਤਾ ਦੋਸਤੀ ਵਾਲਾ ਹੀ ਹੋਣਾ ਚਾਹੀਦਾ ਹੈ| ਤਿੱਖਾ ਇਸ਼ਕ ਹੀ ਖ਼ੁਦ ਅਤੇ ਖ਼ੁਦਾ ਦੇ ਰਿਸ਼ਤਿਆਂ ਦੀ ਪਹਿਚਾਣ ਕਰਾਉਂਦਾ ਹੈ| ਇਸ਼ਕ ਵਿਚਲੀ ਦਿਲੱਲਗੀ, ਤੜਪ ਤੇ ਬੇਕਰਾਰੀ ਖ਼ੁਦ ਦੇ ਅਹਿਸਾਸ ਨੂੰ ਰੋਲ ਦਿੰਦੀ ਹੈ| ਬੰਦਾ ਆਪਾ ਭੁੱਲ ਕੇ ਉਸਦੇ (ਤੂੰ) ਦੇ ਵਹਿਣਾਂ ਵਿਚ ਤੁਰਿਆ ਰਹਿੰਦਾ ਹੈ| ਖ਼ੁਦ ਦਾ ਅਹਿਸਾਸ 'ਤੂੰ' ਵਿਚ ਰੁਪਾਂਤਰਿਤ ਹੋ ਜਾਂਦਾ ਹੈ| ਅਸਲ ਵਿਚ ਪ੍ਰੇਮ ਦੀ ਸਾਰੀ ਯਾਤਰਾ ਮੈਂ (ਖ਼ੁਦ) ਤੋਂ 'ਤੂੰ' (ਖ਼ੁਦਾ) ਤੱਕ ਜਾਣ ਦੀ ਯਾਤਰਾ ਹੈ| ਅਜਿਹੀ ਯਾਤਰਾ ਅਸਲ ਵਿਚ ਇੰਨਸਾਨ ਅੰਦਰ ਇੱਕ ਮੁਕੰਮਲ ਤੋਰ ਤੇ ਮਨੋ-ਸਰੀਰਿਕ ਤਬਦੀਲੀ ਹੁੰਦੀ ਹੈ ਜਿਸ ਨੂੰ ਅਸੀਂ ਮਨੁੱਖੀ ਵਜ਼ੂਦ ਦੀ ਟੋਟਲ ਟਰਾਂਸਫਾਰਮੇਸ਼ਨ ਆਖਦੇ ਹਾਂ| ਇਹੀ ਟਰਾਂਸਫਾਰਮੇਸ਼ਨ ਅਥਵਾ ਰੁਪਾਂਤਰਣ ਬੰਦੇ ਦੀ ਰਹਿਣੀ, ਬਹਿਣੀ ਤੇ ਕਹਿਣੀ ਦੇ ਅਮਲਾਂ ਦੀ ਤਬਦੀਲੀ ਹੀ ਹੁੰਦੀ ਹੈ| ਇਸ਼ਕ ਵਿਚ ਪਈ ਬੰਦੇ ਦੀ ਰੂਹ ਤਸਵੁਫ ਦੇ ਪਲੇਠੇ ਅਮਲਾਂ ਦੀ ਯਾਤਰਾ ਦਾ ਆਧਾਰ ਬਣਦੀ ਹੈ ਇਸ ਲਈ ਸੂਫ਼ੀਆਂ ਦਾ ਬਹੁਤਾ ਜ਼ੋਰ ਇਸ਼ਕ/ਮੁਹੱਬਤ ਰਾਹੀਂ ਆਪੇ ਨੂੰ ਤਬਦੀਲ ਕਰਨ ਵਿਚ ਹੀ ਰਿਹਾ ਹੈ| ਆਪੇ ਨੂੰ ਤਬਦੀਲ ਕਰ ਲਵੋਂ ਤਾਂ ਮਨੁੱਖ ਦੀ ਬਾਹਰੀ ਦੁਨੀਆਂ ਆਪਣੇ ਆਪ ਤਬਦੀਲ ਹੋ ਜਾਂਦੀ ਹੈ| ਹਓੂ, ਹਾਓੂਮੈ ਦਾ ਬੋਧ ਮੁੱਕ ਜਾਂਦੇ ਹਨ ਅਤੇ ਗਿਆਨ ਦੇ ਗਰੂਰ ਝੜ ਜਾਂਦੇ ਹਨ| ਰੂਹ ਸਮੁੱਚੀ ਕਾਇਨਾਤ ਨਾਲ ਇਕ ਮਿੱਕ ਹੋਈ ਮਹਿਸੂਸ ਹੁੰਦੀ ਹੈ| ਜੀਵਨ ਵਿੱਚੋਂ ਸੁੱਖਾਂ-ਦੁਖਾਂ ਦੇ ਅਹਿਸਾਸ-ਬੋਧ ਮੁਲੋਂ ਹੀ ਬਦਲ ਜਾਂਦੇ ਨੇ| ਅਪਣਾ, ਅਪਣਾ ਨਹੀਂ ਰਹਿੰਦਾ ਗ਼ੈਰ, ਗ਼ੈਰ ਨਹੀਂ ਲਗਦਾ| ਬੰਦੇ ਨਾ ਮਨ-ਮਸਤਕ, ਦਿਲੋ-ਦਿਮਾਗ, ਰੂਹੋ-ਖ਼ਿਆਲ ਮੂਲੋਂ ਹੀ ਰੁਪਾਂਤਰਿਤ ਹੋ ਜਾਂਦੇ ਨੇ| ਇਹੋ ਅਵਸਥਾ ਇਲਹਾਮ, ਪਿਆਰ ਤੇ ਨਿਰਵਾਨ ਦੀ ਹੁੰਦੀ ਹੈ|