Tuesday 10 December 2013

                                                              ਸੂਫ਼ੀ ਕਲਾਮ 

ਸੂਫ਼ੀ ਕਲਾਮ ਪੰਜਾਬੀ ਸਾਹਿਤ ਪਰੰਪਰਾ ਦੀ ਇੱਕ ਵੱਡਮੁੱਲੀ ਪ੍ਰਾਪਤੀ ਹੈ| ਪੰਜਾਬੀ ਸੂਫ਼ੀਆਂ ਦੀ ਇਹ ਪਰੰਪਰਾ ਮੋਟੇ ਤੌਰ ਉੱਤੇ ਬਾਬਾ ਫਰੀਦ ਦੀ ਬਾਣੀ ਤੋਂ ਲੈ ਕੇ ਗੁਲਾਮ ਫ਼ਰੀਦ ਦੇ ਕਲਾਮ ਤੀਕਰ ਜਾਂਦੀ ਹੈ| ਬਾਬਾ ਫਰੀਦ ਦੀ ਬਾਣੀ ਵਿਚਲੇ ਬੰਦਗੀ, ਨਮਾਜ਼ਾਂ, ਇਲਮਾਂ, ਦੁੱਖਾਂ-ਸੁੱਖਾਂ ਤੇ ਡਰ-ਭਉ ਦੇ ਵੇਰਵੇ ਜਿੱਥੇ ਬਹੁਤਾਤ 'ਚ ਮਿਲਦੇ ਹਨ ਉੱਥੇ ਇਹੋ ਸਰੋਕਾਰ ਸ਼ਾਹ-ਹੁਸ਼ੈਨ ਦੀ ਬਾਣੀ ਵਿਚ ਬਿਰਹਾ, ਵਸਲ, ਤੜਪ ਦੇ ਰੁਦਨਾਂ ਨਾਲ ਆ ਜੜਦੇ ਹਨ| ਬੁਲ੍ਹੇਸ਼ਾਹ ਤੱਕ ਆਉਂਦੀ-ਆਉਂਦੀ ਇਹ ਸੂਫ਼ੀ ਰੀਤ ਇਸ਼ਕ ਦੀ ਮਸਤੀ, ਮਲੰਗੀ, ਨਿਸ਼ੰਗਤਾਂ ਤੇ ਨੱਚਣ-ਗਾਉਣ ਦੀ ਸ਼ਿਖਰ ਉੱਤੇ ਪੁੱਜ ਜਾਂਦੀ ਹੈ| ਗੁਲਾਮ ਫਰੀਦ ਤੱਕ ਆਉਂਦੀ-ਆਉਂਦੀ ਇਹ ਰਵਾਇਤ ਬਰਕਤ, ਮੁਹੱਬਤ, ਰਹਿਮਤ ਖਿਦਮਤ ਦੇ ਸੰਕਲਪਾਂ ਨਾਲ ਜੁੜਦੀ ਹੋਈ ਮਨੁੱਖੀ ਜੀਵਨ ਹਕੀਕਤਾਂ ਦੇ ਡੂੰਘੇ ਅਸਤਿਤਵੀ ਸਰੋਕਾਰ ਨਾਲ ਦੋ-ਚਾਰ ਹੁੰਦੀ ਹੋਈ ਮੁਕੰਮਲ ਹੁੰਦੀ ਹੈ|
ਰੂਹਾਨੀ ਸੁੱਚਤਾ ਤੇ ਸੱਚ ਦੀ ਤਲਾਸ ਹੀ ਖ਼ੁਦਾ ਤੱਕ ਪੁੱਜਣ ਦੀ ਮੰਜਿਲ ਹੈ| ਸੱਚੇ ਸੂਫ਼ੀ ਦਾ ਸਫ਼ਰ ਇਸ਼ਕ, ਮੁਹੱਬਤ ਤੇ ਬੰਦਗੀ ਦੇ ਪੜਾਵਾਂ ਚੋਂ ਹੋ ਕੇ ਲੰਘਦਾ ਹੈ| ਮੁਹੱਬਤ ਮਨੁੱਖੀ ਰਿਸ਼ਤਿਆਂ ਅੰਦਰ ਨਿਘ ਭਰ ਦਿੰਦੀ ਹੈ ਜਿਸ ਨਾਲ ਸਾਡੇ ਵਿਚਾਰ ਤੇ ਵਿਵਹਾਰ ਸੁੰਦਰ ਤੇ ਸਹਿਜ ਹੋ ਜਾਂਦੇ ਨੇ| ਸੁਚਜਾ ਸਲੂਕ ਤੇ ਖਲੂਸ ਇਕ ਖੂਬਸੂਰਤ ਜੀਵਨ ਸਿਰਜਦਾ ਹੈ| ਇਸੇ ਲਈ ਸੂਫ਼ੀ ਕਿਸੇ ਗਹਿਰ-ਗੰਭੀਰ ਤੇ ਡੂੰਘੇ ਜੀਵਨ ਫਲਸਫਿਆਂ ਦੇ ਘਚੌਲੇ ਵਿਚ ਪੈਣ ਦੀ ਬਜਾਏ ਜੀਵਨ ਦੀ ਸਾਧਾਰਨਤਾ ਤੇ ਸਹਿਜਤਾ ਵਿਚੋਂ ਹੀ ਅਪਣਾ ਮਾਰਗ ਤਲਾਸ਼ਦੇ ਹਨ| ਸੂਫ਼ੀ ਹੋਣਾ ਇੱਕ ਗਿਆਨੀ ਜਾਂ ਇਲਮ-ਜਾਫ਼ਤਾ ਹੋਣਾ ਨਹੀਂ ਬਲਕਿ ਇਲਮ ਦੀਆਂ ਘੁੰਮਣਘੇਰੀਆਂ ਤੋਂ ਨਿਜ਼ਾਤ ਪਾਉਣਾ ਹੈ| ਇਸੇ ਲਈ ਸੂਫ਼ੀਆਂ ਲਈ ਸੱਚ ਦੀ ਹੋਂਦ ਰਵਾਇਤਾਂ, ਰੀਤਾਂ, ਮੁੱਲਾਂ, ਪਖੰਡਾਂ ਤੋਂ ਬਾਹਰ ਹੋਕੇ ਜ਼ਿੰਦਗੀ ਨੁੰ ਸੁਖਾਲਾ ਬਣਾਉਣ ਵਿਚ ਹੈ| ਸੂਫ਼ੀਆਂ ਦੀ ਮੁੱਖ ਕੋਸ਼ਿਸ਼ ਅਣਚਾਹੇ, ਵਾਧੂ ਤੇ ਬੇਲੋੜੇ ਖਲ਼ਜਗਣਾ ਤੋਂ ਕਿਨਾਰਾ ਕਰਨ ਦੀ ਰਹਿੰਦੀ ਹੈ| ਇੱਕ ਸਹਿਜ-ਸੁਖਾਲੀ, ਸਾਧਾਰਨ ਤੇ ਸਿੱਧ ਪੱਧਰੀ ਜ਼ਿੰਦਗੀ ਵਿਚ ਖ਼ੁਦਾ ਦੀ ਬੰਦਗੀ ਸੂਫ਼ੀਆਂ ਦਾ ਵੱਡਾ ਤੇ ਖ਼ਾਸ ਮਕਸਦ ਬਣਦੀ ਹੈ| ਇਸ ਲਈ ਬਹੁਤੇ ਸੂਫ਼ੀ ਫਕੀਰ ਬੁੱਤ-ਪੂੱਜਾ ਵਿਚ ਯਕੀਨ ਨਹੀਂ ਰੱਖਦੇ ਅਤੇ ਨਾ ਹੀ ਖ਼ੁਦਾਪ੍ਰਸਤੀ ਵਿੱਚ ਲਬਰੇਜ਼ ਹੁੰਦੇ ਨੇ| ਸੂਫ਼ੀਆਂ ਦਾ ਮਾਰਗ ਸਿੱਧੇ-ਸਾਦੇ ਯਕੀਨ ਨੁੰ ਮੰਜਿਲ ਬਣਾਉਣਾ ਹੀ ਰਹਿੰਦਾ ਹੈ| ਇਹੀ ਕਾਰਣ ਹੈ ਕਿ ਸੂਫ਼ੀ ਕਿਸੇ ਵੀ ਬਣੇ-ਬਣਾਏ ਗਿਆਨ ਨੂੰ ਚੌਖਟੇ ਅਤੇ ਸਥਿਰ ਅਕੀਦਿਆਂ, ਸਲੀਕਿਆਂ ਨੂੰ ਅਪਣਾਉਣ ਤੋਂ ਗੁਰੇਜ਼ ਕਰਦੇ ਨੇ| ਉਹਨਾਂ ਦਾ ਇਹ ਵੀ ਮੰਨਣਾ ਸੀ ਕਿ ਸਿਰ ਉੱਤੇ ਚੁੱਕੀਆਂ ਗਿਆਨ ਦੀਆਂ ਪੰਡਾਂ ਅਤੇ ਇਲਮਾਂ ਦੇ ਭਾਰ ਸਾਡੀਆਂ ਰੂਹਾਂ ਨੁੰ ਦੱਬ ਦਿੰਦੇ ਹਨ ਜਿਸ ਕਾਰਨ ਸੱਚ, ਅਸਲ ਅਤੇ ਹਕੀਕਤ ਸਾਡੀ ਨਜ਼ਰ ਕੋਲੋ ਪਛਾਣ ਹੀ ਨਹੀਂ ਹੁੰਦੇ| ਸੱਚ, ਅਸਲ ਤੇ ਹਕੀਕਤ ਦੇ ਦੀਦਾਰ ਕਰਣ ਲਈ ਰੂਹਾਂ ਦੇ ਪਾਣੀ ਨਿੱਤਰੇ ਹੋਏ ਹੋਣੇ ਬੇਹਦ ਲਾਜ਼ਮੀ ਹੁੰਦੇ ਨੇ| ਰੂਹਾਂ ਨਿੱਤਰ ਦੀਆਂ ਤਾਂ ਹੀ ਜੇ ਸਾਡੇ ਅਮਲ-ਸ਼ੁਭ ਹੋਣਗੇ| ਨਿਰਪੱਖ ਸੋਚ, ਨਿਰਲੇਪ ਖ਼ਿਆਲ ਕਿਸੇ ਵੀ ਕਿਸਮ ਦੀ ਜਕੜਣ ਅਤੇ ਮਜ਼ਬੂਰੀ 'ਚ ਨਹੀਂ ਆਉਂਦੇ| ਅਜਿਹੀ ਸਥਿਤੀ ਵਿਚ ਵੀ ਬੇਫ਼ਿਕਰੀ, ਮਸਤੀ, ਮਲੰਗੀ ਤੇ ਰੂਹਦਾਰੀ ਦੇ ਗੁਣ ਪੈਦਾ ਹੁੰਦੇ ਨੇ ਤਾਕਿ ਇਕ ਸੂਫ਼ੀ ਖ਼ੁਦੀਪ੍ਰਸਤ ਤੇ ਖ਼ੁਦਪ੍ਰਸਤ ਹੋਣ ਤੋਂ ਬਚਿਆ ਰਹੇ| ਬੁਲ੍ਹੇਸ਼ਾਹ ਵਰਗੇ ਫੱਕਰ-ਮਲੰਗ ਸੂਫ਼ੀ ਤਾਂ ਅਜਿਹੀ ਸਥਿਤੀ ਵਿਚ ਖ਼ੁਦਾ ਪ੍ਰਸ਼ਤ ਹੋਣ ਤੋਂ ਵੀ ਇੰਨਕਾਰ ਕਰ ਦਿੰਦੇ ਨੇ| ਬੁਲ੍ਹੇ ਸ਼ਾਹ ਦਾ ਆਖਣਾ ਸੀ ਜਿਸ ਦਿਲ ਵਿਚ ਇਸ਼ਕ ਡੇਰਾ ਲਗਾ ਲਵੇ ਉਥੇ ਨਾ ਖ਼ੁਦ, ਨਾ ਖ਼ੁਦੀ ਅਤੇ ਨਾ ਖ਼ੁਦਾ ਦਿਸਦਾ ਹੈ| ਬਸ ਉੱਥੇ ਕੁੱਝ ਨਹੀਂ ਹੁੰਦਾ, ਕੁੱਝ ਨਾ ਹੋਣਾ ਹੀ 'ਹੋਣ' ਦਾ ਸੱਚ ਹੁੰਦਾ ਹੈ|

ਸੂਫ਼ੀਆਂ ਲਈ ਇਸ਼ਕ ਹੀ ਦੀਨ ਹੈ ਤੇ ਇਸ਼ਕ ਹੀ ਇਮਾਨ ਹੈ| ਸਾਰੇ ਇਖ਼ਲਾਕ ਇਸ਼ਕ ਦੀ ਜ਼ਬਾਨ ਵਿਚ ਢਲ੍ਹਣੇ ਲਾਜ਼ਿਮੀ ਹੁੰਦੇ ਹਨ| ਖ਼ੁੱਦਾ ਨਾਲ ਰਿਸ਼ਤਾ ਦੋਸਤੀ ਵਾਲਾ ਹੀ ਹੋਣਾ ਚਾਹੀਦਾ ਹੈ| ਤਿੱਖਾ ਇਸ਼ਕ ਹੀ ਖ਼ੁਦ ਅਤੇ ਖ਼ੁਦਾ ਦੇ ਰਿਸ਼ਤਿਆਂ ਦੀ ਪਹਿਚਾਣ ਕਰਾਉਂਦਾ ਹੈ| ਇਸ਼ਕ ਵਿਚਲੀ ਦਿਲੱਲਗੀ, ਤੜਪ ਤੇ ਬੇਕਰਾਰੀ ਖ਼ੁਦ ਦੇ ਅਹਿਸਾਸ ਨੂੰ ਰੋਲ ਦਿੰਦੀ ਹੈ| ਬੰਦਾ ਆਪਾ ਭੁੱਲ ਕੇ ਉਸਦੇ (ਤੂੰ) ਦੇ ਵਹਿਣਾਂ ਵਿਚ ਤੁਰਿਆ ਰਹਿੰਦਾ ਹੈ| ਖ਼ੁਦ ਦਾ ਅਹਿਸਾਸ 'ਤੂੰ' ਵਿਚ ਰੁਪਾਂਤਰਿਤ ਹੋ ਜਾਂਦਾ ਹੈ| ਅਸਲ ਵਿਚ ਪ੍ਰੇਮ ਦੀ ਸਾਰੀ ਯਾਤਰਾ ਮੈਂ (ਖ਼ੁਦ) ਤੋਂ 'ਤੂੰ' (ਖ਼ੁਦਾ) ਤੱਕ ਜਾਣ ਦੀ ਯਾਤਰਾ ਹੈ| ਅਜਿਹੀ ਯਾਤਰਾ ਅਸਲ ਵਿਚ ਇੰਨਸਾਨ ਅੰਦਰ ਇੱਕ ਮੁਕੰਮਲ ਤੋਰ ਤੇ ਮਨੋ-ਸਰੀਰਿਕ ਤਬਦੀਲੀ ਹੁੰਦੀ ਹੈ ਜਿਸ ਨੂੰ ਅਸੀਂ ਮਨੁੱਖੀ ਵਜ਼ੂਦ ਦੀ ਟੋਟਲ ਟਰਾਂਸਫਾਰਮੇਸ਼ਨ ਆਖਦੇ ਹਾਂ| ਇਹੀ ਟਰਾਂਸਫਾਰਮੇਸ਼ਨ ਅਥਵਾ ਰੁਪਾਂਤਰਣ ਬੰਦੇ ਦੀ ਰਹਿਣੀ, ਬਹਿਣੀ ਤੇ ਕਹਿਣੀ ਦੇ ਅਮਲਾਂ ਦੀ ਤਬਦੀਲੀ ਹੀ ਹੁੰਦੀ ਹੈ| ਇਸ਼ਕ ਵਿਚ ਪਈ ਬੰਦੇ ਦੀ ਰੂਹ ਤਸਵੁਫ ਦੇ ਪਲੇਠੇ ਅਮਲਾਂ ਦੀ ਯਾਤਰਾ ਦਾ ਆਧਾਰ ਬਣਦੀ ਹੈ ਇਸ ਲਈ ਸੂਫ਼ੀਆਂ ਦਾ ਬਹੁਤਾ ਜ਼ੋਰ ਇਸ਼ਕ/ਮੁਹੱਬਤ ਰਾਹੀਂ ਆਪੇ ਨੂੰ ਤਬਦੀਲ ਕਰਨ ਵਿਚ ਹੀ ਰਿਹਾ ਹੈ| ਆਪੇ ਨੂੰ ਤਬਦੀਲ ਕਰ ਲਵੋਂ ਤਾਂ ਮਨੁੱਖ ਦੀ ਬਾਹਰੀ ਦੁਨੀਆਂ ਆਪਣੇ ਆਪ ਤਬਦੀਲ ਹੋ ਜਾਂਦੀ ਹੈ| ਹਓੂ, ਹਾਓੂਮੈ ਦਾ ਬੋਧ ਮੁੱਕ ਜਾਂਦੇ ਹਨ ਅਤੇ ਗਿਆਨ ਦੇ ਗਰੂਰ ਝੜ ਜਾਂਦੇ ਹਨ| ਰੂਹ ਸਮੁੱਚੀ  ਕਾਇਨਾਤ ਨਾਲ ਇਕ ਮਿੱਕ ਹੋਈ ਮਹਿਸੂਸ ਹੁੰਦੀ ਹੈ| ਜੀਵਨ ਵਿੱਚੋਂ ਸੁੱਖਾਂ-ਦੁਖਾਂ ਦੇ ਅਹਿਸਾਸ-ਬੋਧ ਮੁਲੋਂ ਹੀ ਬਦਲ ਜਾਂਦੇ ਨੇ| ਅਪਣਾ, ਅਪਣਾ ਨਹੀਂ ਰਹਿੰਦਾ ਗ਼ੈਰ, ਗ਼ੈਰ ਨਹੀਂ ਲਗਦਾ| ਬੰਦੇ ਨਾ ਮਨ-ਮਸਤਕ, ਦਿਲੋ-ਦਿਮਾਗ, ਰੂਹੋ-ਖ਼ਿਆਲ ਮੂਲੋਂ ਹੀ ਰੁਪਾਂਤਰਿਤ ਹੋ ਜਾਂਦੇ ਨੇ| ਇਹੋ ਅਵਸਥਾ ਇਲਹਾਮ, ਪਿਆਰ ਤੇ ਨਿਰਵਾਨ ਦੀ ਹੁੰਦੀ ਹੈ|

                                         ਔਰਤ ਜੀਨੀਅਸ ਕਿਉਂ ਨਹੀਂ ਹੁੰਦੀ

ਕਲਚਰ ਆਪਣੇ ਆਪ ਵਿਚ ਇਕ ਜੈਂਡਰ ਟਰੇਨਿੰਗ ਕੈਂਪ ਹੀ ਹੁੰਦਾ ਹੈ ਜਿਥੇ ਮਰਦ ਨੂੰ 'ਮਰਦ ਰੂਪ' ਵਿਚ ਅਤੇ ਔਰਤ ਨੂੰ 'ਔਰਤ ਰੂਪ' ਵਿਚ ਟਰੇਂਡ ਕੀਤਾ ਜਾਂਦਾ ਹੈ| ਮਰਦ ਅਤੇ ਔਰਤ ਦੋਵਾਂ ਨੂੰ ਉਸਦੇ ਲਿੰਗ ਅਨੁਸਾਰ ਉਸਦੀ ਪਛਾਣ, ਵਿਵਹਾਰ, ਸਰੀਰਿਕ ਭਾਸ਼ਾ, ਆਦਤਾਂ ਅਤੇ ਹੋਰ ਬਹੁਤ ਸਾਰੇ ਜੀਵਨ-ਪੈਟਰਨ ਦਿੱਤੇ ਜਾਂਦੇ ਨੇ, ਜਿਨ੍ਹਾਂ ਅਨੂਸਾਰ ਅੱਗੋਂ ਹਰ ਲਿੰਗ ਦੀ ਇਕ ਸਮਾਜਕ ਸਖ਼ਸ਼ੀਅਤ  ਉਸਰਦੀ ਹੈ| ਬਚਪਨ ਤੋਂ ਲੈ ਕੇ ਹੀ ਹਰ ਲਿੰਗ/ਜੈਂਡਰ ਉੱਤੇ ਦਬਾਓ ਰਹਿੰਦਾ ਹੈ ਕਿ ਉਸਨੇ ਕਿਸ ਖੇਤਰ ਵਿਚ, ਕਿਹੜੇ ਸਮੂਹ, ਕਿਹੜੀ ਜਾਤ, ਜਮਾਤ, ਧਰਮ ਆਦਿ ਵਿਚ ਕਿਸ ਤਰ੍ਹਾਂ ਦਾ ਜੀਵਨ ਚੁਣਨਾ ਹੈ| ਜ਼ਾਹਿਰ ਹੈ ਸਮਾਜ ਮਰਦ ਅਤੇ ਔਰਤ ਕਿਸੇ ਨੂੰ ਵੀ ਇਕੋ ਜਿਹੇ ਕੰਮ, ਫਰਜ਼, ਸਿੱਖਿਆ, ਜਿੰਮੇਦਾਰੀਆਂ ਨਹੀਂ ਸੋਂਪਦਾ| ਸਮਾਜ ਦੀ ਪਹੁੰਚ ਵਿਚ ਔਰਤ ਅਤੇ ਮਰਦ ਲਈ ਕਾਫ਼ੀ ਸਾਰਾ ਪੱਖਪਾਤ ਅਤੇ ਦੋਹਰੇ ਮਾਪਦੰਡਾਂ ਵਾਲਾ ਰਵੱਈਆ ਹੁੰਦਾ ਹੈ| ਸਮਾਜ ਹਰੇਕ ਲਿੰਗ ਦੀ ਮਾਨਸਿਕਤਾ ਨੂੰ ਆਪਣੀ ਜ਼ਰੂਰਤ ਅਨੁਸਾਰ ਡਿਜ਼ਾਈਨ ਕਰਦਾ ਹੈ| ਮਰਦ ਨੂੰ ਹੋਰ ਤਰ੍ਹਾਂ ਤੇ ਔਰਤ ਨੂੰ ਹੋਰ ਤਰ੍ਹਾਂ| ਅੱਗੋ ਇਹੋ ਡਿਜ਼ਾਇਨਿੰਗ ਉਮਰ, ਰੰਗ,  ਜਾਤ, ਜਮਾਤ, ਧਰਮ, ਸਿਹਤ, ਆਰਥਿਕਤਾ ਆਦਿ ਮੁਤਾਬਿਕ ਰੂਪਾਂਤਰਿਤ ਵੀ ਹੁੰਦੀ ਰਹਿੰਦੀ ਹੈ| ਕਿਉਂਕਿ ਸਾਡਾ ਸਮਾਜ ਮਰਦ ਪ੍ਰਧਾਨ ਹੈ ਇਸ ਲਈ ਜੈਂਡਰ ਡਿਜ਼ਾਇਨਿੰਗ ਦੀ ਜਿੰਮੇਵਾਰੀ ਵੀ ਮਰਦਾਵੇਂ ਹੱਥਾਂ ਵਿਚ ਹੁੰਦੀ ਹੈ| ਜ਼ਾਹਿਰ ਹੈ ਮਰਦ ਨੂੰ ਡਿਜ਼ਾਇਨ ਕਰਦਿਆਂ ਸਾਡਾ ਸਮਾਜ ਜਿਹੜੇ ਟੂਲ, ਪੈਟਰਨ ਤੇ ਜੁਗਤਾਂ ਇਸਤੇਮਾਲ ਕਰਦਾ ਹੈ ਉਹ ਔਰਤ ਨੂੰ ਡਿਜ਼ਾਇਨ ਕਰਦਿਆਂ ਨਹੀਂ ਵਰਤਦਾ| ਔਰਤ ਨੂੰ ਡਿਜਾਇਨ ਕਰਨ ਵੇਲੇ ਸਾਡੇ ਸਮਾਜ ਦੇ ਟੂਲ, ਪੈਟਰਨ ਤੇ ਜੁਗਤਾਂ ਓਪਰੇ ਅਤੇ ਦੂਜੇ ਦਰਜ਼ੇ ਵਾਲੇ ਹੋ ਜਾਂਦੇ ਨੇ| ਮਰਦ ਪ੍ਰਧਾਨ ਸਮਾਜਾਂ ਵਿੱਚ ਇਹੋ ਢੰਗ-ਤਰੀਕੇ, ਚੌਖਟੇ ਕਈ ਹਜ਼ਾਰ ਸਾਲਾਂ ਤੋਂ ਇਸਤੇਮਾਲ ਹੁੰਦੇ ਆਂ ਰਹੇ ਨੇ ਤੇ ਕਈ ਹਜ਼ਾਰ ਸਾਲਾਂ ਤੋਂ ਹੀ ਔਰਤ ਦੀ ਸਹੀ, ਮੌਲਿਕ ਅਤੇ ਔਰਤਾਨਾ ਪਛਾਣ ਹੀ ਨਹੀਂ ਉਸਰ ਸਕੀ| ਇੰਨੇ ਹੀ ਅਰਸੇ ਤੋਂ ਔਰਤ ਨੂੰ ਲੇਖਣ ਕਲਾ, ਦਰਸ਼ਨ ਕਲਾ, ਧਰਮ-ਚਿੰਤਨ, ਵਿਗਿਆਨ, ਇੰਜੀਨਿਅਰਿੰਗ, ਰਾਜਨੀਤੀ, ਕਾਨੂੰਨ ਅਤੇ ਹਰ ਤਰ੍ਹਾਂ ਦੇ ਮੁੱਲ-ਪ੍ਰਬੰਧ ਵਿਚੋਂ  ਲਗਾਤਾਰ ਬਾਹਰ ਰਖਿਆ ਗਿਆ ਅਤੇ ਲਗਾਤਾਰ  ਔਰਤ ਦੀ ਆਪਣੀ ਮੌਲਿਕਤਾ, ਔਰਤ ਦੀ ਹੌਂਦ, ਔਰਤ ਦੀ ਆਵਾਜ਼ ਤੇ ਔਰਤ ਦੀ ਮੇਰੀ ਪਛਾਣ ਨੂੰ ਅੱਖੋ-ਪਰੋਖੇ ਕੀਤਾ ਗਿਆ ਜਾਂ ਇਹ ਕਹਿ ਲਓ ਕਿ ਔਰਤ ਨੂੰ ਸਮੁੱਚੇ ਗਿਆਨ-ਅਨੁਸ਼ਾਸਨਾਂ ਵਿਚ ਨਾ-ਮਾਤਰ ਥਾਂ ਦਿੱਤੀ ਗਈ ਅਤੇ ਦੂਸਰੇ ਦਰਜੇ ਦਾ ਸਲੂਕ ਕਿਤਾ ਗਿਆ|

ਸਾਰੇ ਗਿਆਨ ਅਤੇ ਚਿੰਤਨ ਅਨੁਸ਼ਾਸਨਾਂ ਵਿਚ ਕਿਉਂਕਿ ਮਰਦ ਦਾ ਹੀ ਦਬਦਬਾ ਰਿਹਾ ਹੈ ਇਸ ਲਈ ਬਹੁਤੀਆਂ ਮਹਾਨ ਪ੍ਰਤਿਭਾਵਾਨ 'ਮਰਦ' ਹੀ ਰਹੇ ਨੇ| ਜ਼ਾਹਿਰ ਹੈ ਜਿਸ ਧਿਰ ਨੂੰ ਮੌਕੇ ਅਤੇ ਸਰਵ-ਪ੍ਰਵਾਨਗੀ ਮਿਲੇਗੀ ਉਹੀ ਧਿਰ  ਮਹਾਨ ਹੋਣ ਦੇ ਰੁਤਬੇ ਪ੍ਰਾਪਤ ਕਰਦੀ ਰਹੇਗੀ| ਇਕ ਲੰਮੇ ਇਤਿਹਾਸ ਵਿਚ ਔਰਤ ਅੱਜ ਤੱਕ ਮਰਦ ਦਾ ਲਿਖਿਆ, ਮਰਦ ਦਾ ਰਚਿਆ, ਮਰਦ ਦਾ ਉਸਾਰਿਆ, ਮਰਦ ਦਾ ਬੋਲਿਆ ਹੀ ਪੜ੍ਹਦੀ, ਸਮਝਦੀ, ਦੇਖਦੀ ਤੇ ਸੁਣਦੀ ਆ ਰਹੀ ਹੈ| ਗਿਆਨ ਤੇ ਚਿੰਤਨ ਦੀ ਪੂਰੀ ਪਰੰਪਰਾ ਵਿਚੋਂ ਔਰਤ ਦਾ ਲਿਖਿਆ, ਔਰਤ ਦਾ ਰਚਿਆ, ਔਰਤ ਦਾ ਉਸਾਰਿਆ, ਔਰਤ ਦਾ ਸਿਰਜਿਆ, ਔਰਤ ਦਾ ਬੋਲਿਆ ਕੁਝ ਮਿਲਦਾ ਹੀ ਨਹੀਂ| ਕਿਉਂ ਜੋ ਸਾਰੀ ਦੀ ਸਾਰੀ ਭਾਸ਼ਾ, ਸੰਚਾਰ-ਪ੍ਰਬੰਧ, ਅਰਥ-ਪ੍ਰਬੰਧ, ਬੋਲ ਵਰਤਾਰਾ, ਵਿਸ਼ਾ-ਸ਼ੈਲੀਆਂ, ਕਲਾ-ਰੂਪਾਂ ਆਦਿ ਵਿਚੋਂ ਮਰਦ ਹੀ ਤਾਂ ਬੋਲਦਾ ਹੈ| ਅਸਲ ਵਿਚ ਇਹ ਸਾਰੀਆਂ ਅਰਥ ਸੰਰਚਨਾਵਾਂ ਮਰਦਾਵੀਆਂ ਹੀ ਹਨ ਅਤੇ ਮਰਦ ਦੇ ਨਜ਼ਰੀਏ ਤੋਂ ਪਰਿਭਾਸ਼ਤ ਹੁੰਦੀਆਂ ਹਨ| ਇਸ ਲਈ ਸ਼ੁੱਧ ਰੂਪ ਵਿਚ ਕੋਈ ਕਲਾ, ਸਿਰਜਣਾ, ਲੇਖਣੀ ਨਿਰੋਲ ਰੂਪ ਵਿਚ ਔਰਤ ਦੀ ਆਪਣੀ ਰਚੀ  ਹੋਵੇ ਜਾਂ ਮੌਲਿਕ ਰੂਪ ਵਿਚ ਔਰਤਪੁਣੇ ਨਾਲ ਸਿਰਜੀ ਹੋਵੇ ਇਤਿਹਾਸ ਵਿਚੋਂ ਮਿਲਦੀ ਹੀ ਨਹੀਂ| ਜੇ ਕਿਤੇ ਕੁੱਝ ਮਿਲਦਾ ਵੀ ਹੈ ਤਾਂ ਉਹ ਮਰਦ ਸਮਾਜ ਰਾਹੀ 'ਸਰਬਪ੍ਰਮਾਣਿਤ' ਨਹੀਂ ਹੋ ਪਾਉਂਦਾ| ਮਰਦ ਪੱਖੀ ਸਮਾਜਕ ਵਿਵਹਾਰਾਂ ਅਤੇ ਗਿਆਨ ਅਨੁਸ਼ਾਸਨਾਂ ਵਿਚ ਔਰਤ ਦੇ ਕੰਮਾਂ ਨੂੰ 'ਘਰੇਲੂ' ਕੰਮ ਕਹਿ ਕੇ ਨਿਗੁਣਾ ਕਰ ਦਿਤਾ ਜਾਂਦਾ ਹੈ| ਔਰਤ ਦੀ ਕਲਾ-ਸਿਰਜਣਾ ਨੂੰ 'ਕਰਾਫਟ' ਜਾਂ 'ਸ਼ਿਲਪ' ਆਖ ਦਿੱਤਾ ਜਾਂਦਾ ਹੈ ਤੇ ਔਰਤ ਦੀ ਗੱਲਬਾਤ ਨੂੰ 'ਗੱਪਾਂ' ਜਾਂ 'ਫਾਲਤੂ ਗੱਲਾਂ'  ਕਹਿ ਕੇ ਮਾਮੂਲੀ ਕਰ ਦਿੱਤਾ ਜਾਂਦਾ ਹੈ| ਇਕ ਖਾਸ ਰਣਨੀਤੀ ਰਾਹੀਂ ਪਹਿਲਾਂ ਔਰਤ ਤੋਂ ਅੱਗੇ ਆਉਣ ਤੇ ਮੌਕੇ ਖੋਹ ਲਏ ਜਾਂਦੇ ਨੇ ਅਤੇ ਫਿਰ ਉਸਨੂੰ ਸਾਰੀ ਰਾਜਨੀਤੀ 'ਚੋਂ ਬਾਹਰ ਕਰ ਦਿੱਤਾ ਜਾਂਦਾ ਹੈ| ਜ਼ਾਹਿਰ ਹੈ ਮਰਦ ਸਮਾਜ ਅੰੰਦਰ ਔਰਤ ਨੂੰ ਜੀਨੀਅਸ ਹੋਣ ਦਾ ਫ਼ਿਲਹਾਲ ਤਾਂ ਕੋਈ ਮੋਕਾ ਮਿਲਦਾ ਨਜ਼ਰ ਨਹੀ ਆ ਰਿਹਾ ਸ਼ਾਇਦ ਆਉਣ ਵਾਲੇ ਵੇਲੇ ਤੋਂ ਲਾਜ਼ਮੀ ਤੌਰ ਤੇ ਕੋਈ ਉਮੀਦ ਕੀਤੀ ਜਾ ਸਕਦੀ ਹੈ

Monday 9 December 2013

आँख ही नहीं ख़ुलती 
दिन भी निकलता है 
चाय कि चुस्की के साथ..... 
रूहें जगती हैं 
किताबें खुलती हैं 
ज़हन में ख्याल 
और ख्यालों में लांघ आते हैं 
सार्त्र , कामू , काफ्का 
पाश , पचौरी , पिंटर 
कितने ही हमख्याल 
आ बैठते हैं सुबहा-सुबहा

ऊंघती सी ,आँखे मलती
सुरमई सी साड़ी पहने
कितनी ही लकीरें
उतरतीं हैं कागज़ों पर
आहिस्ता से
भरा-भरा सा हो जाता है
सफहों का आँगन
महक सा उठता है वज़ूद
मुक्मल सा हो जाता है
जीने का मक़सद
इक नज़्म के साथ
salaam ji