Tuesday, 10 December 2013


                                         ਔਰਤ ਜੀਨੀਅਸ ਕਿਉਂ ਨਹੀਂ ਹੁੰਦੀ

ਕਲਚਰ ਆਪਣੇ ਆਪ ਵਿਚ ਇਕ ਜੈਂਡਰ ਟਰੇਨਿੰਗ ਕੈਂਪ ਹੀ ਹੁੰਦਾ ਹੈ ਜਿਥੇ ਮਰਦ ਨੂੰ 'ਮਰਦ ਰੂਪ' ਵਿਚ ਅਤੇ ਔਰਤ ਨੂੰ 'ਔਰਤ ਰੂਪ' ਵਿਚ ਟਰੇਂਡ ਕੀਤਾ ਜਾਂਦਾ ਹੈ| ਮਰਦ ਅਤੇ ਔਰਤ ਦੋਵਾਂ ਨੂੰ ਉਸਦੇ ਲਿੰਗ ਅਨੁਸਾਰ ਉਸਦੀ ਪਛਾਣ, ਵਿਵਹਾਰ, ਸਰੀਰਿਕ ਭਾਸ਼ਾ, ਆਦਤਾਂ ਅਤੇ ਹੋਰ ਬਹੁਤ ਸਾਰੇ ਜੀਵਨ-ਪੈਟਰਨ ਦਿੱਤੇ ਜਾਂਦੇ ਨੇ, ਜਿਨ੍ਹਾਂ ਅਨੂਸਾਰ ਅੱਗੋਂ ਹਰ ਲਿੰਗ ਦੀ ਇਕ ਸਮਾਜਕ ਸਖ਼ਸ਼ੀਅਤ  ਉਸਰਦੀ ਹੈ| ਬਚਪਨ ਤੋਂ ਲੈ ਕੇ ਹੀ ਹਰ ਲਿੰਗ/ਜੈਂਡਰ ਉੱਤੇ ਦਬਾਓ ਰਹਿੰਦਾ ਹੈ ਕਿ ਉਸਨੇ ਕਿਸ ਖੇਤਰ ਵਿਚ, ਕਿਹੜੇ ਸਮੂਹ, ਕਿਹੜੀ ਜਾਤ, ਜਮਾਤ, ਧਰਮ ਆਦਿ ਵਿਚ ਕਿਸ ਤਰ੍ਹਾਂ ਦਾ ਜੀਵਨ ਚੁਣਨਾ ਹੈ| ਜ਼ਾਹਿਰ ਹੈ ਸਮਾਜ ਮਰਦ ਅਤੇ ਔਰਤ ਕਿਸੇ ਨੂੰ ਵੀ ਇਕੋ ਜਿਹੇ ਕੰਮ, ਫਰਜ਼, ਸਿੱਖਿਆ, ਜਿੰਮੇਦਾਰੀਆਂ ਨਹੀਂ ਸੋਂਪਦਾ| ਸਮਾਜ ਦੀ ਪਹੁੰਚ ਵਿਚ ਔਰਤ ਅਤੇ ਮਰਦ ਲਈ ਕਾਫ਼ੀ ਸਾਰਾ ਪੱਖਪਾਤ ਅਤੇ ਦੋਹਰੇ ਮਾਪਦੰਡਾਂ ਵਾਲਾ ਰਵੱਈਆ ਹੁੰਦਾ ਹੈ| ਸਮਾਜ ਹਰੇਕ ਲਿੰਗ ਦੀ ਮਾਨਸਿਕਤਾ ਨੂੰ ਆਪਣੀ ਜ਼ਰੂਰਤ ਅਨੁਸਾਰ ਡਿਜ਼ਾਈਨ ਕਰਦਾ ਹੈ| ਮਰਦ ਨੂੰ ਹੋਰ ਤਰ੍ਹਾਂ ਤੇ ਔਰਤ ਨੂੰ ਹੋਰ ਤਰ੍ਹਾਂ| ਅੱਗੋ ਇਹੋ ਡਿਜ਼ਾਇਨਿੰਗ ਉਮਰ, ਰੰਗ,  ਜਾਤ, ਜਮਾਤ, ਧਰਮ, ਸਿਹਤ, ਆਰਥਿਕਤਾ ਆਦਿ ਮੁਤਾਬਿਕ ਰੂਪਾਂਤਰਿਤ ਵੀ ਹੁੰਦੀ ਰਹਿੰਦੀ ਹੈ| ਕਿਉਂਕਿ ਸਾਡਾ ਸਮਾਜ ਮਰਦ ਪ੍ਰਧਾਨ ਹੈ ਇਸ ਲਈ ਜੈਂਡਰ ਡਿਜ਼ਾਇਨਿੰਗ ਦੀ ਜਿੰਮੇਵਾਰੀ ਵੀ ਮਰਦਾਵੇਂ ਹੱਥਾਂ ਵਿਚ ਹੁੰਦੀ ਹੈ| ਜ਼ਾਹਿਰ ਹੈ ਮਰਦ ਨੂੰ ਡਿਜ਼ਾਇਨ ਕਰਦਿਆਂ ਸਾਡਾ ਸਮਾਜ ਜਿਹੜੇ ਟੂਲ, ਪੈਟਰਨ ਤੇ ਜੁਗਤਾਂ ਇਸਤੇਮਾਲ ਕਰਦਾ ਹੈ ਉਹ ਔਰਤ ਨੂੰ ਡਿਜ਼ਾਇਨ ਕਰਦਿਆਂ ਨਹੀਂ ਵਰਤਦਾ| ਔਰਤ ਨੂੰ ਡਿਜਾਇਨ ਕਰਨ ਵੇਲੇ ਸਾਡੇ ਸਮਾਜ ਦੇ ਟੂਲ, ਪੈਟਰਨ ਤੇ ਜੁਗਤਾਂ ਓਪਰੇ ਅਤੇ ਦੂਜੇ ਦਰਜ਼ੇ ਵਾਲੇ ਹੋ ਜਾਂਦੇ ਨੇ| ਮਰਦ ਪ੍ਰਧਾਨ ਸਮਾਜਾਂ ਵਿੱਚ ਇਹੋ ਢੰਗ-ਤਰੀਕੇ, ਚੌਖਟੇ ਕਈ ਹਜ਼ਾਰ ਸਾਲਾਂ ਤੋਂ ਇਸਤੇਮਾਲ ਹੁੰਦੇ ਆਂ ਰਹੇ ਨੇ ਤੇ ਕਈ ਹਜ਼ਾਰ ਸਾਲਾਂ ਤੋਂ ਹੀ ਔਰਤ ਦੀ ਸਹੀ, ਮੌਲਿਕ ਅਤੇ ਔਰਤਾਨਾ ਪਛਾਣ ਹੀ ਨਹੀਂ ਉਸਰ ਸਕੀ| ਇੰਨੇ ਹੀ ਅਰਸੇ ਤੋਂ ਔਰਤ ਨੂੰ ਲੇਖਣ ਕਲਾ, ਦਰਸ਼ਨ ਕਲਾ, ਧਰਮ-ਚਿੰਤਨ, ਵਿਗਿਆਨ, ਇੰਜੀਨਿਅਰਿੰਗ, ਰਾਜਨੀਤੀ, ਕਾਨੂੰਨ ਅਤੇ ਹਰ ਤਰ੍ਹਾਂ ਦੇ ਮੁੱਲ-ਪ੍ਰਬੰਧ ਵਿਚੋਂ  ਲਗਾਤਾਰ ਬਾਹਰ ਰਖਿਆ ਗਿਆ ਅਤੇ ਲਗਾਤਾਰ  ਔਰਤ ਦੀ ਆਪਣੀ ਮੌਲਿਕਤਾ, ਔਰਤ ਦੀ ਹੌਂਦ, ਔਰਤ ਦੀ ਆਵਾਜ਼ ਤੇ ਔਰਤ ਦੀ ਮੇਰੀ ਪਛਾਣ ਨੂੰ ਅੱਖੋ-ਪਰੋਖੇ ਕੀਤਾ ਗਿਆ ਜਾਂ ਇਹ ਕਹਿ ਲਓ ਕਿ ਔਰਤ ਨੂੰ ਸਮੁੱਚੇ ਗਿਆਨ-ਅਨੁਸ਼ਾਸਨਾਂ ਵਿਚ ਨਾ-ਮਾਤਰ ਥਾਂ ਦਿੱਤੀ ਗਈ ਅਤੇ ਦੂਸਰੇ ਦਰਜੇ ਦਾ ਸਲੂਕ ਕਿਤਾ ਗਿਆ|

ਸਾਰੇ ਗਿਆਨ ਅਤੇ ਚਿੰਤਨ ਅਨੁਸ਼ਾਸਨਾਂ ਵਿਚ ਕਿਉਂਕਿ ਮਰਦ ਦਾ ਹੀ ਦਬਦਬਾ ਰਿਹਾ ਹੈ ਇਸ ਲਈ ਬਹੁਤੀਆਂ ਮਹਾਨ ਪ੍ਰਤਿਭਾਵਾਨ 'ਮਰਦ' ਹੀ ਰਹੇ ਨੇ| ਜ਼ਾਹਿਰ ਹੈ ਜਿਸ ਧਿਰ ਨੂੰ ਮੌਕੇ ਅਤੇ ਸਰਵ-ਪ੍ਰਵਾਨਗੀ ਮਿਲੇਗੀ ਉਹੀ ਧਿਰ  ਮਹਾਨ ਹੋਣ ਦੇ ਰੁਤਬੇ ਪ੍ਰਾਪਤ ਕਰਦੀ ਰਹੇਗੀ| ਇਕ ਲੰਮੇ ਇਤਿਹਾਸ ਵਿਚ ਔਰਤ ਅੱਜ ਤੱਕ ਮਰਦ ਦਾ ਲਿਖਿਆ, ਮਰਦ ਦਾ ਰਚਿਆ, ਮਰਦ ਦਾ ਉਸਾਰਿਆ, ਮਰਦ ਦਾ ਬੋਲਿਆ ਹੀ ਪੜ੍ਹਦੀ, ਸਮਝਦੀ, ਦੇਖਦੀ ਤੇ ਸੁਣਦੀ ਆ ਰਹੀ ਹੈ| ਗਿਆਨ ਤੇ ਚਿੰਤਨ ਦੀ ਪੂਰੀ ਪਰੰਪਰਾ ਵਿਚੋਂ ਔਰਤ ਦਾ ਲਿਖਿਆ, ਔਰਤ ਦਾ ਰਚਿਆ, ਔਰਤ ਦਾ ਉਸਾਰਿਆ, ਔਰਤ ਦਾ ਸਿਰਜਿਆ, ਔਰਤ ਦਾ ਬੋਲਿਆ ਕੁਝ ਮਿਲਦਾ ਹੀ ਨਹੀਂ| ਕਿਉਂ ਜੋ ਸਾਰੀ ਦੀ ਸਾਰੀ ਭਾਸ਼ਾ, ਸੰਚਾਰ-ਪ੍ਰਬੰਧ, ਅਰਥ-ਪ੍ਰਬੰਧ, ਬੋਲ ਵਰਤਾਰਾ, ਵਿਸ਼ਾ-ਸ਼ੈਲੀਆਂ, ਕਲਾ-ਰੂਪਾਂ ਆਦਿ ਵਿਚੋਂ ਮਰਦ ਹੀ ਤਾਂ ਬੋਲਦਾ ਹੈ| ਅਸਲ ਵਿਚ ਇਹ ਸਾਰੀਆਂ ਅਰਥ ਸੰਰਚਨਾਵਾਂ ਮਰਦਾਵੀਆਂ ਹੀ ਹਨ ਅਤੇ ਮਰਦ ਦੇ ਨਜ਼ਰੀਏ ਤੋਂ ਪਰਿਭਾਸ਼ਤ ਹੁੰਦੀਆਂ ਹਨ| ਇਸ ਲਈ ਸ਼ੁੱਧ ਰੂਪ ਵਿਚ ਕੋਈ ਕਲਾ, ਸਿਰਜਣਾ, ਲੇਖਣੀ ਨਿਰੋਲ ਰੂਪ ਵਿਚ ਔਰਤ ਦੀ ਆਪਣੀ ਰਚੀ  ਹੋਵੇ ਜਾਂ ਮੌਲਿਕ ਰੂਪ ਵਿਚ ਔਰਤਪੁਣੇ ਨਾਲ ਸਿਰਜੀ ਹੋਵੇ ਇਤਿਹਾਸ ਵਿਚੋਂ ਮਿਲਦੀ ਹੀ ਨਹੀਂ| ਜੇ ਕਿਤੇ ਕੁੱਝ ਮਿਲਦਾ ਵੀ ਹੈ ਤਾਂ ਉਹ ਮਰਦ ਸਮਾਜ ਰਾਹੀ 'ਸਰਬਪ੍ਰਮਾਣਿਤ' ਨਹੀਂ ਹੋ ਪਾਉਂਦਾ| ਮਰਦ ਪੱਖੀ ਸਮਾਜਕ ਵਿਵਹਾਰਾਂ ਅਤੇ ਗਿਆਨ ਅਨੁਸ਼ਾਸਨਾਂ ਵਿਚ ਔਰਤ ਦੇ ਕੰਮਾਂ ਨੂੰ 'ਘਰੇਲੂ' ਕੰਮ ਕਹਿ ਕੇ ਨਿਗੁਣਾ ਕਰ ਦਿਤਾ ਜਾਂਦਾ ਹੈ| ਔਰਤ ਦੀ ਕਲਾ-ਸਿਰਜਣਾ ਨੂੰ 'ਕਰਾਫਟ' ਜਾਂ 'ਸ਼ਿਲਪ' ਆਖ ਦਿੱਤਾ ਜਾਂਦਾ ਹੈ ਤੇ ਔਰਤ ਦੀ ਗੱਲਬਾਤ ਨੂੰ 'ਗੱਪਾਂ' ਜਾਂ 'ਫਾਲਤੂ ਗੱਲਾਂ'  ਕਹਿ ਕੇ ਮਾਮੂਲੀ ਕਰ ਦਿੱਤਾ ਜਾਂਦਾ ਹੈ| ਇਕ ਖਾਸ ਰਣਨੀਤੀ ਰਾਹੀਂ ਪਹਿਲਾਂ ਔਰਤ ਤੋਂ ਅੱਗੇ ਆਉਣ ਤੇ ਮੌਕੇ ਖੋਹ ਲਏ ਜਾਂਦੇ ਨੇ ਅਤੇ ਫਿਰ ਉਸਨੂੰ ਸਾਰੀ ਰਾਜਨੀਤੀ 'ਚੋਂ ਬਾਹਰ ਕਰ ਦਿੱਤਾ ਜਾਂਦਾ ਹੈ| ਜ਼ਾਹਿਰ ਹੈ ਮਰਦ ਸਮਾਜ ਅੰੰਦਰ ਔਰਤ ਨੂੰ ਜੀਨੀਅਸ ਹੋਣ ਦਾ ਫ਼ਿਲਹਾਲ ਤਾਂ ਕੋਈ ਮੋਕਾ ਮਿਲਦਾ ਨਜ਼ਰ ਨਹੀ ਆ ਰਿਹਾ ਸ਼ਾਇਦ ਆਉਣ ਵਾਲੇ ਵੇਲੇ ਤੋਂ ਲਾਜ਼ਮੀ ਤੌਰ ਤੇ ਕੋਈ ਉਮੀਦ ਕੀਤੀ ਜਾ ਸਕਦੀ ਹੈ

No comments:

Post a Comment