Tuesday, 14 October 2014

ਬੂਹੇ ਬੁਲਾਉਂਦੇ ਨੇ ਘਰੋਂ ਤੁਰ ਗਿਆਂ ਨੂੰ ..
ਹਾਕਾਂ ਮਾਰਦੇ ਨੇ ਜੋ ਹਾਲੇ ਤੱਕ ਨਹੀਂ ਮੁੜੇ
ਬੂਹੇ ਹੁੰਦੇ ਨੇ ਇੱਕ ਦਿਨ ਘਰਾਂ ਨੂੰ ਪਰਤਣ ਲਈ ...

ਪਰ ਏਸ ਦਹਲੀਜ਼ ਨੇ ਨਾ ਜਾਣ ਵਾਲੇ ਨੂੰ ਵਰਜਿਆ ਨਾ ਏਸ ਘਰੇ ਕੋਈ ਪਰਤਿਆ .. ਇਹ ਘਰ ਹੈ ਫਕ਼ੀਰ ਮੁਹਮੱਦ ਅਤੇ ਉਸਦੇ ਪਰਿਵਾਰ ਦਾ ਜੇਹੜਾ 1947 ਦੀ ਤਕਸੀਮ ਵੇਲੇ ਪਾਕਿਸਤਾਨ ਨੂੰ ਚਲਾ ਗਿਆ ਸੀ ਤੇ ਫੇਰ ਕਦੀ ਨਹੀ ਪਰਤਿਆ। ...ਸਢੌਰੇ ਸ਼ਹਿਰ ਦੇ ਪੁਰਾਣੇ ਬਾਜ਼ਾਰ ਚ ਜਾਂਦਿਆਂ ਇਕ ਮੋੜ 'ਤੇ ਇਹ ਇਕ ਮੁਹਰਲੀ ਕੰਧ ਵਿਚਲਾ ਦਰਵਾਜ਼ਾ ਜੇਹਾ ਨਜਰੀਂ ਪੈਂਦਾ ਹੈ। ਇੱਕ ਮਕਾਨ ਜਿਹੜਾ ਅੰਦਰੋਂ ਤਾ ਢਹਿ ਗਿਆ ਪਰ ਬਾਹਰੋਂ ਰਹਿ ਗਿਆ। ਜਿਸ 'ਤੇ ਹੁਣ ਕਬਜ਼ਾ ਹੈ ਇੱਕ ਮਲੂਕ ਜੇਹੀ ਵੇਲ ਦਾ। ਸ਼ੋਖ ਰੰਗ ਦੀ ਇਹ ਵੇਲ ਹੀ ਹੁਣ ਸਿਰਨਾਵਾਂ ਹੈ ਇਸ ਘਰ ਦਾ। ਚੌਗਾਠ ਉੱਤੇ ਅਤਿ ਦਰਜ਼ੇ ਦੀ ਨਫੀਸ਼ ਨਾਕਾਸ਼ੀ ਕੀਤੀ ਹੋਈ ਮਿਲਦੀ ਹੈ ਜਿਸ ਤੋਂ ਸੂਹ ਮਿਲਦੀ ਹੈ ਕਿ ਏਸ ਨੂੰ ਬਣਾਉਣ ਵਾਲਿਆਂ ਨੇ ਚਾਵਾਂ ਤੇ ਮਲਾਰਾਂ ਨਾਲ ਬਣਾਇਆ ਹੋਣਾ ਇਹ ਘਰ। 47 ਤੋਂ ਬਾਅਦ ਹੁਣ ਤੱਕ ਇਹ ਮਕਾਨ ਖ਼ਾਲੀ ਹੀ ਰਿਹਾ। ਉਡੀਕ ਤੇ ਉਮੀਦ ਦੀ ਵੇਲ ਫਿਰ ਹਰੀ ਨਾ ਹੋਈ।
ਭਾਵੇਂ ਸਰਸਰੀ ਨਜ਼ਰ ਨਾਲ ਫੋਟੋ ਦੇਖਦਿਆਂ ਲਗਦਾ ਹੈ ਕਿ
"ਏਸ ਘਰ ਦੀ ਵੇਲ ਅੱਜ ਤੱਕ ਹਰੀ ਹੈ"

No comments:

Post a Comment